Panjabi Alochana ਪੰਜਾਬੀ ਆਲੋਚਨਾ
New Delhi
India
ਇਸ ਪੰਨੇ ਉੱਤੇ ਪੰਜਾਬੀ ਨਾਟਕ ਅਤੇ ਰੰਗਮੰਚ ਨਾਲ ਸੰਬੰਧਿਤ ਲੇਖ ਅਤੇ ਖੋਜ-ਪੱਤਰ ਪ੍ਰਕਾਸ਼ਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਇਸ ਇਨ੍ਹਾਂ ਦੋਹਾਂ ਦੇ ਸਿੱਧਾਂਤਕ ਅਤੇ ਵਿਹਾਰਕ ਪੱਖਾਂ ਦਾ ਅਧਿਐਨ ਤੇ ਵਿਸ਼ਲੇਸ਼ਣ ਵੀ ਪ੍ਰਸਤੁਤ ਕੀਤਾ ਗਿਆ ਹੈ।
ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :
Articles by Dr Ravinder Singh
ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :
Articles by Other Writers
ਸ਼ਾਮਿਲ ਲੇਖਾਂ ਦੇ ਕੁਝ ਅੰਸ਼
ਅਜਮੇਰ ਸਿੰਘ ਔਲਖ ਦਾ ਨਾਟਕ ਨਿੱਕੇ ਸੂਰਜਾਂ ਦੀ ਲੜਾਈ
ਅਜਮੇਰ ਸਿੰਘ ਔਲਖ ਪੰਜਾਬ ਦੇ ਕਿਰਸਾਨੀ ਜੀਵਨ ਦੀਆਂ ਸਮੱਸਿਆਵਾਂ ਨੂੰ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਪੇਸ਼ ਕਰਨ ਵਾਲਾ ਪੰਜਾਬੀ ਦਾ ਪ੍ਰਤੀਨਿੱਧ ਨਾਟਕਕਾਰ ਹੈ। ਉਹ ਪਿੱਛਲੇ ਲਮੇਂ ਸਮੇਂ ਤੋਂ ਨਿਰੰਤਰ ਬਹੁਤ ਸੁਹਿਰਦਤਾ ਅਤੇ ਵਚਨਬੱਧਤਾ ਨਾਲ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਨੂੰ ਯਥਾਰਥ ਰੂਪ ਵਿਚ ਚਿੱਤਰਦਾ ਆ ਰਿਹਾ ਹੈ। ਅਜੋਕੇ ਸਮੇਂ ਵਿਚ ਜਦੋਂ ਪੂਰਾ ਵਿਸ਼ਵ ਵਿਸ਼ਵੀਕਰਣ, ਉਦਾਰੀਕਰਣ ਅਤੇ ਨਿੱਜੀਕਰਣ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਤਾਂ ਇਸ ਅਮਲ ਨਾਲ ਪੰਜਾਬ ਦੀ ਕਿਰਤੀ ਅਤੇ ਕਿਰਸਾਨੀ ਜਮਾਤ ਵੀ ਪ੍ਰਭਾਵਿਤ ਹੋਈ ਹੈ। ਅਜਮੇਰ ਔਲਖ ਦਾ ਹੱਥਲਾ ਨਾਟਕ ਇਸੇ ਜਮਾਤ ਦੀ ਨਿੱਘਰ ਰਹੀ ਹਾਲਤ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਪੇਸ਼ ਕਰਨ ਵਲ ਰੂਚਿਤ ਹੈ।
ਵਿਸ਼ਵੀਕਰਣ ਦਾ ਅਮਲ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਵਿਚ ਮਾੜੇ ਪ੍ਰਭਾਵ ਵਧੇਰੇ ਪਾ ਰਿਹਾ ਹੈ ਕਿਉਂਕਿ ਪੰਜਾਬ ਦਾ ਕਿਰਤੀ ਪਹਿਲੋਂ ਕਿਰਸਾਨੀ ਵਿਚੋਂ ਲੰਘਿਆ ਹੈ। ਕਿਰਸਾਨੀ ਜੀਵਨ ਦੇ ਨਾਲ ਉਸਨੇ ਪਹਿਲਾਂ ਜਗੀਰਦਾਰੀ ਸਮਾਜਕ/ਆਰਥਕ ਵਿਵਸਥਾ ਦਾ ਸਮਾਂ ਵੇਖਿਆ ਤੇ ਹੰਢਾਇਆ ਹੈ। ਉਸਦਾ ਜੀਵਨ ਮਸ਼ੀਨੀ ਯੁੱਗ ਨੂੰ ਪੂਰੀ ਤਰ੍ਹਾਂ ਅਪਣਾ ਵੀ ਨਹੀਂ ਪਾਇਆ ਸੀ ਕਿ ਅਗਲਾ ਵਪਾਰਕ ਦੌਰ ਸ਼ੁਰੂ ਹੋ ਗਿਆ। ਭਾਰਤ ਵਰਗੇ ਗ਼ਰੀਬ ਮੁਲਕ ਵਿਚ ਜਿੱਥੇ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਉਥੇ ਇਸ ਅਮਲ ਦੇ ਵੀ ਵਿਗੜੇ ਰੂਪ ਅਤੇ ਸਿੱਟੇ ਹੀ ਸਾਹਮਣੇ ਆ ਰਹੇ ਹਨ। ਔਲਖ ਨੇ ਇਸ ਨਾਟਕ ਵਿਚ ਵਰਤਮਾਨ ਪੰਜਾਬੀ ਸਮਾਜ ਸਾਹਮਣੇ ਪੇਸ਼ ਨਵੀਆਂ ਵੰਗਾਰਾਂ ਨੂੰ ਆਪਣੇ ਨਾਟਕ ਦੀ ਪਿੱਠਭੂੰਮੀ ਵਿਚ ਰਖਿਆ ਹੈ। ਉਸਦਾ ਸਰੋਕਾਰ ਪੇਂਡੂ ਕਿਰਸਾਨੀ ਜੀਵਨ ਵਿਚੋਂ ਉਠਕੇ ਕਿਰਤੀ ਬਣੇ ਉਸ ਗ਼ਰੀਬ ਤਬਕੇ ਨਾਲ ਹੈ ਜੋ ਸ਼ਹਿਰ ਵਿਚ ਜਾਕੇ ਫੈਕਟਰੀਆਂ ਅਤੇ ਮਿੱਲਾਂ ਵਿਚ ਕੰਮ ਕਰਨ ਲਈ ਮਜਬੂਰ ਹੋਇਆ। ਇਸਦਾ ਪ੍ਰਮੁੱਖ ਕਾਰਣ ਕਿਸਾਨਾਂ ਦੀ ਮਾਂਦੀ ਆਰਥਕ ਹਾਲਤ ਨੂੰ ਮੰਨਿਆ ਗਿਆ ਹੈ। ਹਰੀ-ਕ੍ਰਾਂਤੀ ਨਾਂ ਦੇ ਨਾਲ ਮਸ਼ਹੂਰ ਹੋਏ ਦੌਰ ਨੇ ਪੰਜਾਬ ਦੇ ਇਕ ਵੱਡੇ ਅਤੇ ਸਮਰੱਥ ਕਿਸਾਨ ਤਬਕੇ ਨੂੰ ਵਧੇਰੇ ਲਾਭ ਪੁਚਾਇਆ ਸੀ। ਇਸ ਦੌਰ ਦੇ ਨਾਲ ਤੁਰਨ ਦੀ ਮਜਬੂਰੀ ਨੇ ਛੋਟੀ ਕਿਰਸਾਨੀ ਨੂੰ ਖੇਤੀਬਾੜੀ ਦੇ ਨਵੇਂ ਤੌਰ ਤਰੀਕੇ ਅਪਨਾਉਣ ਕਾਰਣ ਕਰਜ਼ਾਈ ਵੀ ਕਰ ਦਿੱਤਾ ਸੀ।
Ajmer Aulakh da Natak Nikke Nikke Surajan di Larai
ਆਤਮਜੀਤ ਦਾ ਨਾਟਕ ਪੰਚ ਨਦ ਦਾ ਪਾਣੀ
ਆਤਮਜੀਤ ਦਾ ਨਾਟਕ ‘ਪੰਚਨਦ ਦਾ ਪਾਣੀ’ ਪੰਜਾਬ ਦੇ ਮੱਧਕਾਲੀ ਇਤਿਹਾਸ ਦੀਆਂ ਅਣਛੁਹੀਆਂ ਪਰਤਾਂ ਨੂੰ ਫਰੋਲਦਾ ਹੈ। ਇਸਦੇ ਨਾਲ ਹੀ ਇਹ ਨਾਟਕ ਆਪਣੇ ਤੱਤਕਾਲੀ ਮਾਹੌਲ ਵਿਚ ਰਾਜਨੀਤਕ ਹਾਲਾਤ ਕਾਰਣ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਸਥਿਤੀਆਂ ਵਿਚ ਹੋ ਰਹੀਆਂ ਤਬਦੀਲੀਆਂ ਦੀ ਪੜਤਾਲ ਵੀ ਕਰਦਾ ਹੈ। ਇਹ ਨਾਟਕ ਮੁੱਖ ਤੌਰ ‘ਤੇ ਇਕ ਮੈਟਾ-ਟੈਕਸਟ ਹੈ। ਇਸਦਾ ਪ੍ਰੇਰਣਾ ਸਰੋਤ ਪੰਜਾਬੀ ਦੇ ਹੀ ਇਕ ਚਰਚਿੱਤ ਕਹਾਣੀਕਾਰ ਮਨਮੋਹਨ ਬਾਵਾ ਦੀਆਂ ਕਹਾਣੀਆਂ ਹਨ। ਮਨਮੋਹਨ ਬਾਵਾ ਦੇ ਕਹਾਣੀ ਸੰਗ੍ਰਹਿ ‘ਅਜਾਤ ਸੁੰਦਰੀ’ ਵਿਚ ਸਾਮਲ ਦੋ ਵੱਖੋ-ਵੱਖਰੀਆਂ ਕਹਾਣੀਆਂ ‘ਨੀਲਮਾ’ ਅਤੇ ‘ਬਿਰਜੂ ਝੀਰ ਉਰਫ਼ ਕੁਰਬਾਨ ਅਲੀ’ ਨੂੰ ਇਕੋ ਕਥਾਨਕ ਵਿਚ ਪਰੋਕੇ, ਆਤਮਜੀਤ ਨੇ ਆਪਣੇ ਨਾਟਕ ‘ਪੰਚਨਦ ਦਾ ਪਾਣੀ’ ਦੀ ਰਚਨਾ ਕੀਤੀ ਹੈ।
ਇਸ ਨਾਟਕ ਦਾ ਜਦ ਇਕ ਦੂਜੇ ਲੇਖਕ ਦੀਆਂ ਕਹਾਣੀਆਂ ਤੋਂ ਰੂਪ ਪਰਿਵਰਤਨ ਹੁੰਦਾ ਹੈ ਤਾਂ ਇਸ ਵਿਚ ਕਈ ਸੰਦਰਭ ਅਤੇ ਸਰੋਕਾਰ ਉਹੀ ਕਹਾਣੀ ਵਾਲੇ ਰਹਿੰਦੇ ਹਨ ਤੇ ਕੁਝ ਨਵੇਂ ਰੂਪ ਵਿਚ ਵੀ ਉੱਭਰਦੇ ਹਨ। ਇੰਝ ਹੋਣਾ ਕਿਸੇ ਵੀ ਐਸੀ ਕਿਰਤ ਇਕ ਸੁਭਾਵਕ ਲੱਛਣ ਵੀ ਹੁੰਦਾ ਹੈ ਤੇ ਜ਼ਰੂਰਤ ਵੀ। ਇਹ ਜ਼ਰੂਰੀ ਨਹੀਂ ਹੁੰਦਾ ਕਿ ਇਕ ਪ੍ਰਾਪਤ ਰਚਨਾ ਉੱਪਰ ਜਦੋਂ ਕੋਈ ਦੂਜੀ ਰਚਨਾ ਸਿਰਜੀ ਜਾਂਦੀ ਹੈ ਤਾਂ ਉਸਦਾ ਪੂਰਾ ਮੁਹਾਂਦਰਾ ਮੂਲ ਰਚਨਾ ਵਾਲਾ ਹੀ ਹੋਵੇ। ਇਸ ਵਿਚ ਰੂਪਾਕਾਰ ਦਾ ਅੰਤਰ ਆਉਣਾ ਬਹੁਤ ਵੱਡਾ ਫਰਕ ਹੁੰਦਾ ਹੈ ਤੇ ਇਸਦੇ ਨਾਲ ਹੀ ਲੇਖਕ ਆਪਣੀ ਵਿਚਾਰਧਾਰਾ ਜਾਂ ਆਪਣੀ ਲੇਖਣ ਸ਼ੈਲੀ ਦੇ ਨਿਵੇਕਲੇ ਗੁਣਾਂ ਕਾਰਣ ਵੀ ਆਪਣੀ ਰਚਨਾ ਨੂੰ ਮੂਲ ਰਚਨਾ ਦੇ ਕੋਲ ਰਖਦਿਆਂ ਹੋਇਆਂ ਵੀ ਵੱਖਰੀ ਪਛਾਣ ਬਣਾ ਲੈਂਦਾ ਹੈ।
Atamjit da Natak Panj Nad da Pani
ਸੱਚ ਦੀ ਸਿਆਸਤ : ਤੱਤੀ ਤਵੀ ਦਾ ਸੱਚ
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਭਾਰਤੀ ਸਮਾਜ-ਸਭਿਆਚਰਕ ਕਰਾਂਤੀ ਦੀ ਰਾਜਨੀਤਕ ਟੈਕਸਟ ਵਜੋਂ ਕਿਵੇਂ ਪੜ੍ਹਨਾਂ ਹੈ, ਇਹ ਤਾਂ ਬਾਅਦ ਦਾ ਮਸਲਾ ਹੈ, ਪਹਿਲੀ ਸਮੱਸਿਆ ਤਾਂ ਇਸ ਟੈਕਸਟ ਨੂੰ ਲੋਕੇਟ ਕਰਨ ਦੀ ਹੈ।ਸ਼ਾਇਦ ਇਸ ਟੈਕਸਟ ਨੂੰ ਲੋਕੇਟ ਕਰਨਾ ਹੀ ਇਸ ਨੂੰ ਪੜ੍ਹਨਾ ਹੈ।ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਟੈਕਸਟ ਕਿਥੇ ਪਈ ਹੈ? ਕੀ ਇਹ ਸਾਡੇ ਸਿਰਾਂ ਅੰਦਰ ਯਾਦ ਦੇ ਰੂਪ ਵਿਚ ਸਾਂਭੀ ਪਈ ਹੈ ਜਾਂ ਫੇਰ ਕਿ ਅਜਾਇਬ ਘਰਾਂ ਅਤੇ ਲਾਇਬਰੇਰੀਆਂ ਵਿਚ।
ਇਸ ਟੈਕਸਟ ਨੂੰ ਲੋਕੇਟ ਕਰਨ ਜਾਂ ਪੜ੍ਹਨ ਤੋਂ ਪਹਿਲਾਂ ਇਹ ਵੀ ਸੋਚਣਾ ਪਵੇਗਾ ਕਿ ਇਸ ਟੈਕਸਟ ਨੂੰ ਕੌਣ ਲਿਖਦਾ ਹੈ ਅਤੇ ਕਿਉਂ ਲਿਖਦਾ ਹੈ? ਇਹ ਹੋਂਦ ਵਿਚ ਕਿਵੇਂ ਆਉਂਦੀ ਹੈ? ਇਸ ਨੂੰ ਅਸੀ ਕਾਹਦੇ ਲਈ ਲਿਖਦੇ ਪੜ੍ਹਦੇ ਹਾਂ?
ਇਹ ਗੱਲਬਾਤ ਦਿੱਲੀ ਵਿਖੇ ਡਾ. ਜਸਪਾਲ ਸਿੰਘ ਦੇ ਕਾਲਿਜ ਵਿਚ ਹੋਈ ਜਿਥੇ ਮੈਂ ਇਕ ਸੈਮੀਨਾਰ ਵਿਚ ਭਾਗ ਲੈਣ ਲਈ ਗਿਆ ਹੋਇਆ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕੇਵਲ ਇਤਿਹਾਸਕ ਘਟਨਾ ਨਹੀਂ, ਸਮਾਜ-ਸਭਿਆਚਾਰਕ ਕਰਾਂਤੀ ਦੀ ਇਕ ਰਾਜਨੀਤਕ ਟੈਕਸਟ ਵੀ ਹੈ, ਜਿਸਦੀ ਸਥਾਪਨਾ, ਵਿਸਥਾਪਨਾ, ਪੁਨਰਸਥਾਪਨਾ, ਕਾਰਜ, ਉਦੇਸ਼, ਮਹੱਤਵ ਆਦਿ ਬਾਰੇ ਗੱਲਬਾਤ ਕਰਨ ਦਾ ਡਾ. ਸਤਨਾਮ ਕੌਰ ਜੀ ਨਾਲ ਵਾਅਦਾ ਕਰਕੇ ਮੈਂ ਡਾ. ਜਗਬੀਰ ਸਿੰਘ ਨਾਲ ਉਸਦੇ ਘਰ ਚਲਾ ਗਿਆ।
--------
ਉਸੇ ਸ਼ਾਮ ਡਾ. ਜਗਬੀਰ ਸਿੰਘ ਦੇ ਘਰ ਗੱਲਬਾਤ ਦੌਰਾਨ ਗੁਰਜੀਤ ਨੇ ਦੱਸਿਆ ਕਿ ਇਸ ਵਾਰ ਚਾਰ ਸੌ ਸਾਲਾ ਹੋਣ ਕਰਕੇ ਭਾਵੇਂ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ, ਪਰ ਮਾਤਾ ਸੁੰਦਰੀ ਕਾਲਿਜ ਵਿਚ ਤਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹਰ ਸਾਲ ਹੀ ਮਨਾਇਆ ਜਾਂਦਾ ਹੈ। ਗੁਰਜੀਤ ਦੇ ਪਤੀ ਰਾਜੂ ਦਾ ਕਹਿਣਾ ਸੀ ਕਿ ਮਾਤਾ ਸੁੰਦਰੀ ਕਾਲਿਜ ਕੀ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਤਾਂ ਸਾਰਾ ਸਿਖ ਜਗਤ ਹੀ ਮਨਾਉਂਦਾ ਹੈ। ਥਾਂ ਥਾਂ ਤੇ ਠੰਡੇ ਪਾਣੀ ਦੀਆਂ ਛਬੀਲਾਂ ਲਗਦੀਆਂ ਹਨ। ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ। ਕੀਰਤਨ ਦਰਬਾਰ ਹੁੰਦੇ ਹਨ। ਸਕੂਲਾਂ ਕਾਲਿਜਾਂ ਵਿਚ ਭਾਸ਼ਨ ਮੁਕਾਬਲੇ ਅਤੇ ਕਵੀ ਦਰਬਾਰ ਹੁੰਦੇ ਹਨ। ਹਰ ਸੰਸਥਾ ਕਿਸੇ ਨਾ ਕਿਸੇ ਰੂਪ ਵਿਚ ਗੁਰੂ ਅਰਜਨ ਦੇ ਜੀ ਦੀ ਸ਼ਹੀਦੀ ਨੂੰ ਯਾਦ ਕਰਦੀ ਹੈ।
"ਮੈਂ ਇਸੇ ਲਈ ਕਹਿੰਦਾ ਹਾਂ ਕਿ ਇਹਨਾ ਸੈਮੀਨਾਰਾਂ ਅਤੇ ਖੋਜ ਪੱਤਰਾਂ ਦਾ ਮਕਸਦ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸੱਚ ਨੂੰ ਜਾਨਣਾ ਨਹੀਂ, ਉਹਨਾ ਦੀ ਸ਼ਹੀਦੀ ਨੂੰ ਬਾਰ ਬਾਰ ਯਾਦ ਕਰਨਾ ਹੈ।" ਡਾ. ਮਨਮੋਹਨ ਬਹੁਤ ਸਪਸ਼ਟ ਸੀ। "ਕੇਵਲ ਯਾਦ ਕਰਨਾ ਨਹੀਂ, ਅਜੋਕੇ ਸੰਦਰਭ ਵਿਚ ਯਾਦ ਕਰਨਾ" ਡਾ. ਨੂਰ ਨੇ ਕਿਸੇ ਵੀ ਇਤਿਹਾਸਕ ਘਟਨਾ ਨੁੰ ਅਜੋਕੇ ਰਾਜਨੀਤਕ ਪਰਿਪੇਖ ਵਿਚ ਰੱਖ ਕੇ ਪੜ੍ਹਨ ਦੀ ਲੋੜ ਅਤੇ ਮਜਬੂਰੀ ਨੂੰ ਦ੍ਰਿੜ ਕਰਵਾਇਆ।
Atamjit da Natak Tatti Tavi - Amarjit Grewal
ਸਵਰਾਜਵੀਰ ਦਾ ਨਾਟਕ ਕ੍ਰਿਸ਼ਣ
ਸਵਰਾਜਬੀਰ ਪੰਜਾਬੀ ਦੇ ਉਨ੍ਹਾਂ ਨਵੇਂ ਨਾਟਕਕਾਰਾਂ ਵਿਚੋਂ ਹੈ ਜਿਨ੍ਹਾਂ ਨੇ ਨਾਟਕ ਸਿਰਜਣਾ ਦੇ ਖੇਤਰ ਵਿਚ ਆਪਣੇ ਨਵੇਕਲੇ ਦ੍ਰਿਸ਼ਟੀਕੋਣ ਰਾਹੀਂ ਗੰਭੀਰ ਕਿਸਮ ਦੇ ਸਮਾਜਕ-ਸਭਿਆਚਾਰਕ ਵਿਸ਼ਿਆਂ ਨੂੰ ਛੁਹਿਆ ਹੈ। ਉਸਦਾ ਨਾਟਕ ‘ਕ੍ਰਿਸ਼ਨ’ ਆਪਣੇ ਅੰਦਰ ਕਈ ਜਟਿੱਲ ਸਮੱਸਿਆਵਾਂ ਨੂੰ ਸਮੋਇਆ ਹੋਇਆ ਦਰਸ਼ਕਾਂ/ਪਾਠਕਾਂ ਦੇ ਰੂਬਰੂ ਹੁੰਦਾ ਹੈ ਜੋ ਉਹਨਾਂ ਦੀ ਚੇਤਨਾ ਨੂੰ ਜ਼ੋਰਦਾਰ ਹਲੂਣਾ ਦਿੰਦੀਆਂ ਜਾਪਦੀਆਂ ਹਨ। ਸਵਰਾਜਬੀਰ ਆਪਣੇ ਇਸ ਨਾਟਕ ਵਿਚ ਇਤਿਹਾਸ-ਮਿਥਿਹਾਸ ਦੇ ਦਵੰਦ ਵਿਚ ਦੱਬੇ ਪਏ ਇਤਿਹਾਸ ਦੀਆਂ ਉਨ੍ਹਾਂ ਪੁਰਾਣਕ ਪਰਤਾਂ ਨੂੰ ਖੋਲਣ ਦਾ ਜਤਨ ਕਰਦਾ ਹੈ ਜਿਸਦਾ ਵਾਸਤਾ ਭਾਰਤੀ ਉਪਮਹਾਦੀਪ ਦੇ ਸਮਾਜਕ-ਸਭਿਆਚਾਰਕ ਤਾਣੇ-ਬਾਣੇ ਨਾਲ ਹੈ। ਜਦੋਂ ਮੈਂ ਸਵਰਾਜਬੀਰ ਦੇ ਨਾਟਕ ‘ਕ੍ਰਿਸ਼ਨ’ ਨੂੰ ਪਹਿਲੀ ਵਾਰ ਪੜ੍ਹਿਆ ਤਾਂ ਕਈ ਦਿਨਾਂ ਤਕ ਮਨ ਅੰਦਰ ਹਲਚਲ ਹੁੰਦੀ ਰਹੀ। ਇਕ ਸਨਸਨੀ ਜਿਹੀ ਪੈਦਾ ਹੋਈ ਜਾਪਦੀ ਸੀ। ਪਰ ਜਿਵੇਂ ਜਿਵੇਂ ਇਸ ਦੀਆਂ ਤਹਿਆਂ ਅੰਦਰ ਜਾਣ ਦਾ ਜਤਨ ਕੀਤਾ ਇਹ ਹੋਰ ਵੀ ਗੰਭੀਰ ਅਰਥ ਲੈਂਦਾ ਜਾਪਿਆ। ਪਹਿਲੀ ਨਜ਼ਰੇ ਇਸਦਾ ਕਾਰਣ ਨਾਟਕ ਵਿਚਲਾ ਨਿਵੇਕਲਾ ਵਿਚਾਰਧਾਰਕ ਟਕਰਾਓ ਅਤੇ ਤਨਾਓ ਲੱਗਿਆ।
ਸਵਰਾਜਬੀਰ ਇਕ ਸੰਜੀਦਾ ਅਤੇ ਵਿਚਾਰਵਾਨ ਨਾਟਕਕਾਰ ਹੀ ਨਹੀਂ ਸਗੋਂ ਨਵੀਂ ਦਿਸ਼ਾ ਵਿਚ ਸੋਚਣ ਵਾਲਾ ਚੇਤਨ ਲੇਖਕ ਵੀ ਹੈ। ਇਹ ਨਾਟਕ ਇਕ ਪਾਸੇ ਭਾਰਤੀ ਲੋਕ ਮਨ ਵਿਚ ਵਸੇ ਹੋਏ ਕ੍ਰਿਸ਼ਨ ਦੇ ਮਿਥਿਹਾਸਕ ਬਿੰਬ ਨੂੰ ਵਿਸਥਾਪਿਤ ਕਰਨ ਦਾ ਜਤਨ ਕਰਦਾ ਹੈ ਅਤੇ ਦੂਜੇ ਪਾਸੇ ‘ਆਰੀਆ ਮੂਲ ਦੇ ਲੋਕਾਂ’ ਹੱਥੋਂ ਗ਼ੈਰ-ਆਰੀਆਈ ਕਬੀਲਿਆਂ ਉੱਤੇ ਹੋਏ ਅਤਿਆਚਾਰਾਂ ਦੇ ਦਮਿਤ ਇਤਿਹਾਸ ਨੂੰ ਫਰੋਲਦਾ ਹੈ। ਨਾਟਕ ਲਿਖਣ ਤੋਂ ਪਹਿਲਾਂ ਉਸਨੇ ਬਹੁਤ ਨਿੱਠਕੇ ਇਸ ਵਿਸ਼ੇ ਨਾਲ ਸੰਬੰਧਤ ਹਰ ਪਹਿਲੂ ਨੂੰ ਪ੍ਰਾਪਤ ਜਾਣਕਾਰੀ ਮੁਤਾਬਕ ਬਹੁਤ ਬਾਰੀਕੀ ਨਾਲ ਘੋਖਿਆ ਅਤੇ ਕੁਝ ਨਵੇਂ ਸਿੱਟੇ ਹਾਸਲ ਕੀਤੇ। ਨਾਟਕ ਦੇ ਅਰੰਭ ਵਿਚ ‘ਕ੍ਰਿਸ਼ਨ’ ਨਾਲ ਸੰਬੰਧਤ ਵਿਸਤ੍ਰਤ ਵੇਰਵੇ ਦਿੱਤੇ ਗਏ ਹਨ ਜਿਨ੍ਹਾਂ ਦਾ ਮਨੋਰਥ ‘ਪਾਠਕਾਂ’ ਦੇ ਮਨ ਵਿਚ ਆਪਣੇ ਨਾਟਕ ਦੇ ਪਾਤਰ ਬਾਰੇ ਇਕ ਸਪਸ਼ਟ ਚਰਿੱਤਰ ਥਾਪਣਾ ਹੈ। ਅਤੇ ਨਾਲ ਹੀ ਇਸ ਵਿਸ਼ੇ ਉੱਪਰ ਨਾਟਕ ਲਿਖਣ ਬਾਬਤ ਆਪਣੀ ਮੰਸ਼ਾ ਨੂੰ ਪ੍ਰਗਟ ਕਰਨਾ ਵੀ ਹੈ:
Panjabi Alochana ਪੰਜਾਬੀ ਆਲੋਚਨਾ
New Delhi
India