Panjabi Alochana ਪੰਜਾਬੀ ਆਲੋਚਨਾ
New Delhi
India
ਇਸ ਪੰਨੇ ਉੱਤੇ ਪੰਜਾਬੀ ਸੂਫ਼ੀ ਕਾਵਿ ਨਾਲ ਸੰਬੰਧਿਤ ਲੇਖ ਅਤੇ ਖੋਜ-ਪੱਤਰ ਪ੍ਰਕਾਸ਼ਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਇਸ ਕਾਵਿਧਾਰਾ ਦੇ ਸਿੱਧਾਂਤਕ ਅਤੇ ਵਿਹਾਰਕ ਪੱਖਾਂ ਦਾ ਅਧਿਐਨ ਤੇ ਵਿਸ਼ਲੇਸ਼ਣ ਪ੍ਰਸਤੁਤ ਕੀਤਾ ਗਿਆ ਹੈ।
ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :
ਸ਼ਾਮਿਲ ਲੇਖਾਂ ਦੇ ਚੋਣਵੇਂ ਅੰਸ਼
ਫਰੀਦ ਬਾਣੀ ਦੀ ਸਮਕਾਲੀਨ ਪ੍ਰਾਸੰਗਿਕਤਾ
ਬਾਬਾ ਫਰੀਦ ਭਾਰਤ ਦੇ ਉਨ੍ਹਾਂ ਮਹਾਨ ਸੂਫ਼ੀ ਦਰਵੇਸ਼ਾਂ ਵਿਚੋਂ ਹੋਏ ਹਨ ਜਿਨ੍ਹਾਂ ਨੇ ਆਪਣੇ ਮਿੱਠੇ ਸ਼ਾਇਰਾਨਾ ਕਲਾਮ ਅਤੇ ਰੂਹਾਨੀ ਸੰਦੇਸ਼ ਰਾਹੀਂ ਪੰਜਾਬੀ ਅਦਬ ਦੀ ਸੂਫ਼ੀਆਨਾ ਰਵਾਇਤ ਦਾ ਮੁੱਢ ਬੰਨਿਆਂ। ਇਨ੍ਹਾਂ ਦਾ ਕਲਾਮ ਸਿੱਖ ਧਰਮ ਦੇ ਅਦੁੱਤੀ ਪਾਵਨ ਗ੍ਰੰਥ, ਗੁਰੂ ਗ੍ਰੰਥ ਸਾਹਿਬ, ਵਿਚ ਸ਼ਾਮਿਲ ਹੈ। ਅੱਜ ਤੋਂ ਚਾਰ ਸੌ ਸਾਲ ਪਹਿਲਾਂ ਗੁਰੂ ਅਰਜਨ ਦੇਵ ਦੁਆਰਾ ਰਚੇ ਗਏ ਇਸ ਮਹਾਂ-ਗ੍ਰੰਥ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਤੋਂ ਇਲਾਵਾ ਭਾਰਤੀ ਉਪ-ਮਹਾਂਦੀਪ ਦੇ ਪ੍ਰਮੁੱਖ ਸੰਤਾਂ, ਭਗਤਾਂ ਅਤੇ ਸੂਫ਼ੀਆਂ ਦੀ ਬਾਣੀ ਵੀ ਸ਼ਾਮਿਲ ਹੈ, ਜੋ ਇਸ ਨੂੰ ਸਰਬ-ਭਾਰਤੀ ਅਤੇ ਅਦੁੱਤੀ ਮਹੱਤਵ ਪ੍ਰਦਾਨ ਕਰਦੀ ਹੈ। ਅਸਲ ਵਿਚ ਬਾਬਾ ਫ਼ਰੀਦ ਦੀ ਰਚਨਾ ਦਾ ਇਸ ਗ੍ਰੰਥ ਵਿਚ ਸ਼ਾਮਿਲ ਹੋਣਾ ਕੋਈ ਸਾਧਾਰਣ ਜਾਂ ਇਤਫ਼ਾਕੀਆ ਘਟਨਾ ਨਹੀਂ ਸੀ। ਇਸਦੇ ਪਿਛੋਕੜ ਵਿਚ ਹਿੰਦੂ-ਮੁਸਲਿਮ ਸਭਿਆਚਾਰਕ ਸੁਮੇਲ ਅਤੇ ਸੰਵਾਦ ਦੀ ਵਿਆਪਕ ਭਾਵਨਾ ਕੰਮ ਕਰ ਰਹੀ ਸੀ। ਭਾਰਤੀ ਇਤਿਹਾਸ ਦਾ ਇਹ ਦੌਰ ਭਗਤੀ ਲਹਿਰ ਅਤੇ ਸੂਫ਼ੀ ਲਹਿਰ ਦੇ ਸਮਾਨੰਤਰ ਉਭਾਰ ਦਾ ਦੌਰ ਹੈ। ਜੇ ਇਕ ਪਾਸੇ ਭਗਤੀ ਲਹਿਰ ਨੇ ਆਪਸੀ ਪ੍ਰੇਮ ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਤਾਂ ਦੂਸਰੇ ਪਾਸੇ ਸੂਫ਼ੀ ਲਹਿਰ ਨੇ ਵੀ ਇਨਸਾਨ-ਦੋਸਤੀ ਅਤੇ ਰਵਾਦਾਰੀ ਦਾ ਪੈਗ਼ਾਮ ਦਿੱਤਾ। ਭਗਤੀ ਲਹਿਰ ਨੇ ਆਪਣੀ ਉਦਾਰ ਮਾਨਵਵਾਦੀ ਵਿਚਾਰਧਾਰਾ ਰਾਹੀਂ ਜਾਤੀ ਪ੍ਰਥਾ ਅਤੇ ਕਰਮ-ਕਾਂਡ ਦਾ ਖੰਡਨ ਕਰਦਿਆਂ ਹਿੰਦੂ ਸਮਾਜ ਵਿਚ ਜਾਗ੍ਰਿਤੀ ਲਿਆਂਦੀ ਅਤੇ ਵੇਲਾ ਵਿਹਾ ਚੁੱਕੀਆਂ ਮਾਨਵ-ਦੋਖੀ ਰਸਮਾਂ-ਰੀਤਾਂ ਦੀ ਗ਼ੁਲਾਮੀ ਤੋਂ ਮੁਕਤੀ ਦਿਵਾਣ ਦਾ ਜਤਨ ਕੀਤਾ। ਏਸੇ ਤਰ੍ਹਾਂ ਸੂਫ਼ੀ ਲਹਿਰ ਨੇ ਕੁਰਾਨ ਸ਼ਰੀਫ਼ ਦੇ ਅੰਦਰੂਨੀ (ਬਾਤਿਨ) ਅਰਥਾਂ ਦੀ ਤਸ਼ਰੀਹ ਕਰਦਿਆਂ ਤਸੱਵੁਫ਼ ਦਾ ਦਰਸ ਦਿੱਤਾ। ਸੂਫ਼ੀਆਂ ਦਾ ਇਹ ਰੂਹਾਨੀ ਪੈਗ਼ਾਮ ਬੰਦੇ ਅਤੇ ਖ਼ੁਦਾ ਦੀ ਰਹੱਸਵਾਦੀ ਏਕਤਾ ਉੱਤੇ ਬਲ ਦਿੰਦਾ ਸੀ ਅਤੇ ਰੱਬੀ ਪਿਆਰ ਜਾਂ ਇਸ਼ਕ-ਹਕੀਕੀ ਨੂੰ ਜੀਵਨ-ਜਾਚ ਦਾ ਆਧਾਰ ਬਣਾਉਂਦਾ ਸੀ। ਇਸ ਤਰ੍ਹਾਂ ਇਨ੍ਹਾਂ ਦੋਹਾਂ ਲਹਿਰਾਂ ਦੀ ਵਿਚਾਰਧਾਰਾ ਵਿਚ ਸਾਂਝ ਦੇ ਸੂਤਰ ਦ੍ਰਿਸ਼ਟੀਗੋਚਰ ਹੁੰਦੇ ਹਨ। ਇਹੀ ਕਾਰਣ ਹੈ ਕਿ ਅੱਜ ਵੀ ਭਗਤਾਂ ਸੂਫ਼ੀਆਂ ਅਤੇ ਗੁਰੁ ਵਿਅਕਤੀਆਂ ਨੂੰ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਵਲੋਂ ਇਕੋ ਜਿਹਾ ਪਿਆਰ ਤੇ ਸਤਿਕਾਰ ਮਿਲਿਆ ਹੋਇਆ ਹੈ।
ਪੂਰਾ ਲੇਖ ਪੜ੍ਹਨ ਲਈ ਇੱਥੇ ਕਲਿਕ ਕਰੋ : Baba Farid Bani di Samkalin Prasangikta
ਨਜਮ ਹੁਸੈਨ ਸੱਯਦ ਦੀ ਫਰੀਦਬਾਣੀ ਆਲੋਚਨਾ
ਨਜਮ ਹੁਸੈਨ ਸੱਯਦ ਨੇ ਫਰੀਦ ਬਾਣੀ ਦੇ ਰੂਪ ਵਿਚ ਮਿਲਦੇ ਇਸ ਮਹੱਤਵਪੂਰਨ ਸਾਹਿਤਕ ਪ੍ਰਵਚਨ ਜਾਂ ਕਲਾਮ ਦਾ ਅਧਿਐਨ ਕਰਨ ਲਈ ਵਿਸ਼ੇਸ਼ ਭਾਂਤ ਦੀ ਸਮੀਖਿਆ-ਦ੍ਰਿਸ਼ਟੀ ਅਤੇ ਪੜ੍ਹਤ-ਵਿਧੀ ਨੂੰ ਆਧਾਰ ਬਣਾਇਆ ਹੈ। ਇਹ ਪੜ੍ਹਤ-ਵਿਧੀ ਵਿਸ਼ਵ-ਵਿਆਪਕ ਤੌਰ ਤੇ ਸਮਕਾਲੀਨ ਸਾਹਿੱਤ-ਚਿੰਤਨ ਅਤੇ ਸਮੀਖਿਆ ਦੇ ਖੇਤਰ ਵਿਚ ਵਿਕਸਿਤ ਹੋਈਆਂ ਅੰਤਰ-ਦ੍ਰਿਸ਼ਟੀਆਂ ਨਾਲ ਸੰਵਾਦ ਰਚਾਉਂਦੀ ਹੈ ਅਤੇ ਗਿਆਨਸ਼ਾਸਤਰ ਦੇ ਨਵੇਂ ਪਰਿਪੇਖਾਂ ਵਲ ਸੰਕੇਤ ਕਰਦੀ ਹੈ। ਇਸ ਨਵੇਂ ਗਿਆਨਸ਼ਾਸਤਰੀ ਪਰਿਪੇਖ ਦੀ ਉਸਾਰੀ ਨੂੰ ਭਿੰਨ-ਭਿੰਨ ਸਾਮਾਜਿਕ ਵਿਗਿਆਨਾਂ – ਸਮਾਜਵਿਗਿਆਨ, ਮਨੋਵਿਗਿਆਨ, ਭਾਸ਼ਾਵਿਗਿਆਨ, ਮਾਨਵਵਿਗਿਆਨ ਆਦਿ – ਦੇ ਅੰਤਰ-ਅਨੁਸ਼ਾਸਨੀ ਉਪਰਾਲੇ ਨੇ ਸੰਭਵ ਬਣਾਇਆ ਹੈ। ਨਜਮ ਦੀ ਸਮੀਖਿਆ-ਦ੍ਰਿਸ਼ਟੀ ਇਸ ਸਮੁੱਚੇ ਗਿਆਨ-ਸ਼ਾਸਤਰੀ ਅੰਤਰ-ਸੰਵਾਦ ਨੂੰ ਆਪਣੀ ਪੜ੍ਹਤ-ਵਿਧੀ ਵਿਚ ਸਮੋਣ ਦਾ ਜਤਨ ਕਰਦੀ ਹੈ ਅਤੇ ਇਸ ਦੇ ਫਲਰੂਪ ਹੋਂਦ ਵਿਚ ਆਈਆਂ ਨਵੀਨ ਚਿੰਤਨ-ਵਿਧੀਆਂ ਨਾਲ ਵੀ ਆਪਣਾ ਰਾਬਤਾ ਕਾਇਮ ਕਰਦੀ ਹੈ। ਖਾਸ ਤੌਰ ਤੇ ਉਸ ਨੇ ਮਾਰਕਸਵਾਦ ਅਤੇ ਸੰਰਚਨਾਵਾਦ ਦੇ ਸੰਵਾਦ ਵਿਚੋਂ ਵਿਕਸਿਤ ਹੋਏ ਨਵ-ਮਾਰਕਸਵਾਦੀ ਅਤੇ ਉੱਤਰ-ਸੰਰਚਨਾਵਾਦੀ ਚਿੰਤਨ ਨੂੰ ਆਪਣੀ ਆਲੋਚਨਾ ਦ੍ਰਿਸ਼ਟੀ ਦਾ ਆਧਾਰ ਬਣਾਇਆ ਹੈ। ਇਸ ਤੋਂ ਇਲਾਵਾ ਉਸਦੀ ਪੜ੍ਹਤ-ਵਿਧੀ ਵਿਚ ਅਜੋਕੇ ਦੌਰ ਦੀ ਵਿਰਚਨਾਵਾਦੀ ਅਤੇ ਪਾਠਕਵਾਦੀ ਆਲੋਚਨਾ-ਵਿਧੀ ਦੀ ਝਲਕ ਵੀ ਪ੍ਰਤੱਖ ਤੌਰ ਤੇ ਦ੍ਰਿਸ਼ਟੀਗੋਚਰ ਹੁੰਦੀ ਹੈ। ਭਾਵੇਂ ਜ਼ਾਹਰਾ ਤੌਰ ਤੇ ਉਸ ਨੇ ਇਨ੍ਹਾਂ ਗਿਆਨ-ਅਨੁਸ਼ਾਸਨਾਂ ਅਤੇ ਚਿੰਤਨ-ਵਿਧੀਆਂ ਦੀ ਤਕਨੀਕੀ ਸ਼ਬਦਾਵਲੀ ਨੂੰ ਵਰਤਣ ਤੋਂ ਸੰਕੋਚ ਕੀਤਾ ਹੈ ਪਰ ਨੀਝ ਨਾਲ ਦੇਖਿਆਂ ਉਸ ਦੀ ਪੜ੍ਹਤ-ਵਿਧੀ ਇਨ੍ਹਾਂ ਨਵੀਨ ਗਿਆਨ-ਅਨੁਸ਼ਾਸਨਾਂ ਦੀ ਵਿਆਖਿਆ ਵਿਧੀ ਨਾਲ ਸੰਵਾਦ ਰਚਾਉਂਦੀ ਨਜ਼ਰ ਆਉਂਦੀ ਹੈ। ਕਿਧਰੇ ਕਿਧਰੇ ਉਹ ਸਮਕਾਲੀ ਸਾਹਿਤ-ਚਿੰਤਨ ਦੀ ਤਕਨੀਕੀ ਸ਼ਬਦਾਵਲੀ ਦਾ ਨਿਤਵਰਤੋਂ ਦੀ ਵਿਹਾਰਕ ਬੋਲੀ ਜਾਂ ਲੋਕ-ਭਾਸ਼ਾ ਵਿਚ ਉਤਾਰਾ ਕਰਨ ਦੀ ਚੇਸ਼ਟਾ ਵੀ ਕਰਦਾ ਹੈ ਪਰ ਆਮਤੌਰ ਤੇ ਉਹ ਲੋਕ ਮੁਹਾਵਰੇ ਦੇ ਨੇੜੇ ਤੇੜੇ ਵਿਚਰਦਾ ਹੋਇਆ ਗ਼ੈਰ ਤਕਨੀਕੀ ਸ਼ਬਦਾਵਲੀ ਵਿਚ ਹੀ ਸਾਹਿੱਤਕ ਲਿਖਤਾਂ ਦਾ ਅਧਿਐਨ ਤੇ ਵਿਸ਼ਲੇਸ਼ਣ ਕਰਦਾ ਹੈ। ਫਰੀਦਬਾਣੀ ਦਾ ਅਧਿਐਨ ਵੀ ਉਸ ਨੇ ਇਸੇ ਕਿਸਮ ਦੀ ਵਿਧੀ ਰਾਹੀਂ ਕੀਤਾ ਹੈ। ਆਪਣੀ ਪੁਸਤਕ ਫਰੀਦੋਂ ਨਾਨਕ, ਨਾਨਕੋਂ ਫਰੀਦ ਵਿਚ ਉਸ ਨੇ ਫਰੀਦਬਾਣੀ ਦੇ ਚੋਣਵੇਂ ਪਰ ਮਹੱਤਵਪੂਰਣ ਪਾਠਾਂ ਦਾ ਅਧਿਐਨ ਤੇ ਵਿਸ਼ਲੇਸ਼ਣ ਕੀਤਾ ਹੈ। ਫਰੀਦਬਾਣੀ ਦੇ ਸਿਰਜਿਤ ਪ੍ਰਵਚਨ ਦਾ ਪਾਠਗਤ ਅਧਿਐਨ ਕਰਨ ਦੇ ਨਾਲ ਨਾਲ ਉਸ ਨੇ ਇਸ ਪੜ੍ਹਤ-ਵਿਧੀ ਦੇ ਸਿੱਧਾਂਤਕ ਆਧਾਰਾਂ ਦੀ ਨਿਸ਼ਾਨਦੇਹੀ ਵੀ ਕੀਤੀ ਹੈ ਅਤੇ ਇਸ ਦੇ ਵਿਹਾਰਕ ਮਸਲਿਆਂ ਨੂੰ ਵੀ ਨਿਜਿਠਣ ਦਾ ਉਪਰਾਲਾ ਕੀਤਾ ਹੈ ਜਿਸ ਦਾ ਆਪਣਾ ਮਹੱਤਵ ਹੈ।
ਪੂਰਾ ਲੇਖ ਪੜ੍ਹਨ ਲਈ ਇੱਥੇ ਕਲਿਕ ਕਰੋ : Najam Hussain Sayyad di Farid Bani Alochna
ਬਾਬਾ ਫਰੀਦ ਰੱਬ ਦੀ ਰਜ਼ਾ ਵਿਚ ਰਹਿਣ ਵਾਲੇ ਇਨਸਾਨ ਸਨ। ਇਸ ਗੱਲ ਦੀ ਇਕ ਮਿਸਾਲ ਉਨ੍ਹਾਂ ਦੇ ਜੀਵਨ ਦੀ ਇਕ ਘਟਨਾ ਰਾਹੀਂ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ। ਕਹਿੰਦੇ ਹਨ ਕਿ ਇਕ ਵਾਰੀ ਕਿਸੇ ਲੋੜਵੰਦ ਨੇ ਇਨ੍ਹਾਂ ਕੋਲ ਬੇਨਤੀ ਕੀਤੀ ਕਿ ‘ਤੁਸੀਂ ਸੁਲਤਾਨ ਬਲਬਨ ਦੇ ਨਜ਼ਦੀਕੀ ਹੋ। ਉਨ੍ਹਾਂ ਪਾਸ ਮੇਰੀ ਇਕ ਸਿਫ਼ਾਰਿਸ਼ ਕਰ ਦਿਓ।’ ਫਰੀਦ ਜੀ ਨੇ ਬਾਦਸ਼ਾਹ ਦੇ ਨਾਮ ਇਕ ਚਿੱਠੀ ਲਿਖ ਦਿੱਤੀ ਜਿਸ ਵਿਚ ਉਨ੍ਹਾਂ ਨੇ ਇਹ ਲਿਖਿਆ, “ਮੈਂ ਇਹ ਕੰਮ ਅੱਲਾਹ ਦੇ ਹਵਾਲੇ ਕੀਤਾ ਹੈ ਤੇ ਜ਼ਾਹਰਾ ਤੌਰ ਤੇ ਤੁਹਾਡੇ ਪਾਸ ਭੇਜਿਆ ਹੈ। ਜੇ ਤੁਸੀਂ ਇਸ ਨੂੰ ਕੁਝ ਦੇ ਦਿਓਗੇ ਤਾਂ ਅਸਲ ਵਿਚ ਦੇਣ ਵਾਲਾ ਅੱਲਾਹ ਹੋਵੇਗਾ ਅਤੇ ਤੁਹਾਡਾ ਧੰਨਵਾਦ ਹੋਵੇਗਾ। ਜੇ ਤੁਸੀਂ ਇਸ ਲੋੜਵੰਦ ਨੂੰ ਕੁਝ ਨਹੀਂ ਦੇਵੋਗੇ ਤਾਂ ਨਾਂਹ ਕਰਨ ਵਾਲਾ ਅੱਲਾਹ ਹੋਵੇਗਾ ਤੇ ਤੁਸੀਂ ਮਜਬੂਰ ਹੋਵੋਗੇ।” ਇਸ ਤਰ੍ਹਾਂ ਬਾਬਾ ਫਰੀਦ ਹੁਕਮ ਅਤੇ ਰਜ਼ਾ ਦਾ ਜੀਵਨ ਜਿਉਣ ਵਿਚ ਸਦਾ ਜਤਨਸ਼ੀਲ ਰਹੇ। ਇਨ੍ਹਾਂ ਦੀ ਸਾਦਗੀ, ਸੱਚਾਈ ਅਤੇ ਨੇਕੀ ਲਾ-ਮਿਸਾਲ ਸੀ।
Panjabi Alochana ਪੰਜਾਬੀ ਆਲੋਚਨਾ
New Delhi
India