Panjabi Alochana ਪੰਜਾਬੀ ਆਲੋਚਨਾ
New Delhi
India
ਇਸ ਪੰਨੇ ਉੱਤੇ ਸਾਹਿਤ-ਸਿਧਾਂਤ ਅਤੇ ਸਮੀਖਿਆ ਨਾਲ ਸੰਬੰਧਿਤ ਲੇਖ ਅਤੇ ਖੋਜ-ਪੱਤਰ ਪ੍ਰਕਾਸ਼ਿਤ ਕੀਤੇ ਗਏ ਹਨ।
ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :
Articles by Jagbir Singh
ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :
Articles by Other Writers
ਸ਼ਾਮਿਲ ਲੇਖਾਂ ਦੇ ਕੁਝ ਅੰਸ਼
ਬਿਰਤਾਂਤ-ਸ਼ਾਸਤਰ ਦੇ ਬਦਲਦੇ ਪਿਰਪੇਖ
ਵੀਹਵੀਂ ਸਦੀ ਦੌਰਾਨ ਸਾਹਿਤ-ਚਿੰਤਨ ਅਤੇ ਸਮੀਖਿਆ ਦੇ ਖੇਤਰ ਵਿਚ ਅਜਿਹੀਆਂ ਮਹੱਤਵਪੂਰਣ ਗਤੀਵਿਧੀਆਂ
ਸਾਮ੍ਹਣੇ ਆਈਆਂ ਹਨ ਜਿਨ੍ਹਾਂ ਨੇ ਸਾਹਿਤਕ ਵਰਤਾਰੇ ਅਤੇ ਵਿਹਾਰ ਬਾਰੇ ਨਵੀਂ ਸਮਝ ਅਤੇ ਸੂਝ ਉਸਾਰਨ
ਕਰਨ ਦਾ ਉਪਰਾਲਾ ਕੀਤਾ ਹੈ। ਇਸ ਸੰਦਰਭ ਵਿਚ ਅਮਰੀਕੀ ਨਵਾਲੋਚਨਾ, ਰੂਸੀ ਰੂਪਵਾਦ, ਸੰਰਚਨਾਵਾਦ,
ਚਿਹਨਵਿਗਿਆਨ, ਉੱਤਰ-ਸੰਰਚਨਾਵਾਦ, ਮਾਰਕਸਵਾਦ ਅਤੇ ਉੱਤਰ-ਮਾਰਕਸਵਾਦ ਵਰਗੀਆਂ ਪ੍ਰਮੁੱਖ ਚਿੰਤਨਧਾਰਾਵਾਂ
ਦਾ ਨਾਮ ਲਿਆ ਜਾ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਦੌਰ ਦੇ ਸਾਹਿਤ-ਚਿੰਤਕਾਂ ਨੇ ਕਵਿਤਾ ਅਤੇ ਨਾਟਕ
ਨਾਲੋਂ ਵਧੇਰੇ ਕਥਾ-ਸਾਹਿਤ, ਨੂੰ ਆਪਣੇ ਸਿੱਧਾਂਤੀਕਰਣ ਦੇ ਫੋਕਸ ਵਿਚ ਰੱਖਣ ਦੀ ਚੇਸ਼ਟਾ ਕੀਤੀ ਹੈ। ਸਾਹਿਤ ਦੇ ਇਸ
ਮੁਕਾਬਲਤਨ ਅਣਗੌਲੇ ਰੂਪ (ਕਥਾ-ਸਾਹਿਤ) ਬਾਰੇ ਭਰਪੂਰ ਸਿੱਧਾਂਤ-ਚਿੰਤਨ ਦੇ ਸਿੱਟੇ ਵਜੋਂ ਬਿਰਤਾਂਤ-ਸ਼ਾਸਤਰ
(narratology) ਦੇ ਰੂਪ ਵਿਚ ਇਕ ਨਵਾਂ ਅਨੁਸ਼ਾਸਨ ਹੋਂਦ ਵਿਚ ਆਇਆ ਹੈ। ਇਹ ਠੀਕ ਹੈ ਕਿ ਕਥਾ-ਸਾਹਿਤ ਜਾਂ
ਬਿਰਤਾਂਤ ਦੇ ਵਿਭਿੰਨ ਤੱਤਾਂ ਬਾਰੇ ਪਹਿਲਾਂ ਵੀ ਕਿਸੇ ਨਾ ਕਿਸੇ ਰੂਪ ਵਿਚ ਚਰਚਾ ਅਵੱਸ਼ ਹੁੰਦੀ ਰਹੀ ਹੈ ਪਰ ਇਸ ਬਾਰੇ
ਇਸ ਕਿਸਮ ਦਾ ਗੰਭੀਰ ਅਤੇ ਅਨੁਸ਼ਾਸਨ-ਬੱਧ ਚਿੰਤਨ ਕਦੇ ਵੀ ਸਾਮ੍ਹਣੇ ਨਹੀਂ ਆਇਆ। ਮਿਸਾਲ ਵਜੋਂ, ਪ੍ਰਾਚੀਨ
ਭਾਰਤੀ ਅਤੇ ਯੂਨਾਨੀ ਕਾਵਿਸ਼ਾਸਤਰ ਵਿਚ ਕਥਾਨਕੀ ਵਿਉਂਤ ਅਤੇ ਪਾਤਰਾਂ ਬਾਰੇ ਵਿਆਖਿਆਤਮਕ ਵੇਰਵੇ ਮਿਲਦੇ ਹਨ
ਪਰ ਇਨ੍ਹਾਂ ਦੋਹਾਂ ਪਰੰਪਰਾਵਾਂ ਵਿਚ ਇਨ੍ਹਾਂ ਕਥਾ-ਤੱਤਾਂ ਦੀ ਵਿਆਖਿਆ ਵਧੇਰੇ ਨਾਟਕੀ ਪੇਸ਼ਕਾਰੀ ਦੇ ਸੰਦਰਭ ਵਿਚ ਹੋਈ
ਹੈ। ਇਸ ਤਰ੍ਹਾਂ, ਬਾਕਾਇਦਾ ਅਨੁਸ਼ਾਸਨ ਦੇ ਰੂਪ ਵਿਚ ਬਿਰਤਾਂਤ-ਸ਼ਾਸਤਰ ਦਾ ਵਿਕਾਸ ਵੀਹਵੀਂ ਸਦੀ ਦੌਰਾਨ ਹੀ
ਹੋਇਆ ਹੈ। ਸੱਚ ਤਾਂ ਇਹ ਹੈ ਕਿ ਇਸਨੂੰ ਅਜੋਕੇ ਸਾਹਿਤ-ਚਿੰਤਨ ਦੀ ਸਰਬੋਤਮ ਪ੍ਰਾਪਤੀ ਮੰਨਿਆਂ ਜਾ ਸਕਦਾ ਹੈ।
ਬਿਰਤਾਂਤ-ਸ਼ਾਸਤਰ ਬਾਰੇ ਕਿਸੇ ਕਿਸਮ ਦੀ ਗੰਭੀਰ ਚਰਚਾ ਕਰਨ ਤੋਂ ਪਹਿਲਾਂ ‘ਬਿਰਤਾਂਤ’ (narrative) ਦੇ
ਸੰਕਲਪ ਨੂੰ ਸਪਸ਼ਟ ਕਰਨਾ ਜ਼ਰੂਰੀ ਜਾਪਦਾ ਹੈ। ਕਾਰਣ ਇਹ ਹੈ ਕਿ ‘ਬਿਰਤਾਂਤ’ ਨਿਤ ਵਰਤੋਂ ਦਾ ਸਾਧਾਰਣ ਸ਼ਬਦ
ਨਹੀਂ ਸਗੋਂ ਇਸਦਾ ਸੰਬੰਧ ਸਮਕਾਲੀ ਆਲੋਚਨਾ ਦੀ ਤਕਨੀਕੀ ਸ਼ਬਦਾਵਲੀ ਨਾਲ ਹੈ। ਭਾਵੇਂ ਆਮ ਤੌਰ ਤੇ ਇਸਦੀ
ਵਰਤੋਂ ਕਥਾ-ਸਾਹਿਤ ਦੇ ਸੰਦਰਭ ਵਿਚ ਕੀਤੀ ਜਾਂਦੀ ਹੈ ਪਰ ਇਸਨੂੰ ਨਿਰੋਲ ‘ਕਥਾ’ ਦਾ ਸਮਾਨਾਰਥਕ ਨਹੀਂ ਸਮਝਿਆ
ਜਾ ਸਕਦਾ। ਇਹ ਕਥਾ-ਰਚਨਾ ਦੇ ਤਕਨੀਕੀ ਪੱਖ ਵਲ ਸੰਕੇਤ ਕਰਨ ਵਾਲਾ ਸ਼ਬਦ ਹੈ ਅਤੇ ਇਸਦਾ ਸੰਬੰਧ ਉਨ੍ਹਾਂ
ਸਮੂਹ ਉਪਕਰਣਾਂ ਨਾਲ ਹੈ ਜਿਨ੍ਹਾਂ ਦੇ ਮਾਧਿਅਮ ਰਾਹੀਂ ਕੋਈ ਕਥਾ ਹੋਂਦ ਵਿਚ ਆਉਂਦੀ ਹੈ। ਬਿਰਤਾਂਤ ਗਾਲਪਨਿਕ ਵੀ
ਹੋ ਸਕਦਾ ਹੈ ਅਤੇ ਵਾਸਤਵਿਕ ਵੀ। ਇਸ ਤਰ੍ਹਾਂ ਬਿਰਤਾਂਤ ਨਿਰੋਲ ਗਲਪ ਦਾ ਸਮਾਨਾਰਥਕ ਸ਼ਬਦ ਵੀ ਨਹੀਂ ਰਹਿੰਦਾ
ਸਗੋਂ ਇਸਦੇ ਘੇਰੇ ਵਿਚ ਜੀਵਨੀ, ਸਵੈ-ਜੀਵਨੀ ਅਤੇ ਇਤਿਹਾਸ ਵਰਗੀਆਂ ਉਹ ਸਮੂਹ ਸਿਰਜਣਾਵਾਂ ਵੀ ਆ ਜਾਂਦੀਆਂ
ਹਨ ਜਿਨ੍ਹਾਂ ਵਿਚ ਕਥਾਕਾਰੀ ਦੀ ਰਚਨਾ-ਵਿਧੀ ਕਾਰਜਸ਼ੀਲ ਹੰਦੀ ਹੈ। ਇਥੋਂ ਤਕ ਕਿ ਮਨੁੱਖ ਆਪਣੀ ਵਿਅਕਤੀਗਤ,
ਸਭਿਆਚਾਰਕ ਜਾਂ ਕੌਮੀ ਪਛਾਣ ਉਸਾਰਨ ਲਈ ਸਵੈ-ਬਿਰਤਾਂਤ ਦਾ ਸਹਾਰਾ ਲੈਂਦਾ ਹੈ।
ਬਿਰਤਾਂਤ-ਸ਼ਾਸਤਰ ਨੂੰ ਬਿਰਤਾਂਤ ਦਾ ਸਿੱਧਾਂਤਕ ਵਿਵੇਚਨ ਆਖਿਆ ਜਾ ਸਕਦਾ ਹੈ। ਇਹ ਕਥਾ-ਰਚਨਾ ਜਾਂ
ਬਿਰਤਾਂਤ ਦੇ ਉਨ੍ਹਾਂ ਸੰਗਠਨਕਾਰੀ ਤੱਤਾਂ ਅਤੇ ਨੇਮ-ਪ੍ਰਬੰਧਾਂ ਦੀ ਤਲਾਸ਼ ਕਰਨ ਵਲ ਰੁਚਿਤ ਹੁੰਦਾ ਹੈ ਜੋ ਉਸਦੀ ਹੋਂਦਵਿਧੀ
ਦਾ ਲਾਜ਼ਮੀ ਅੰਗ ਹੁੰਦੇ ਹਨ ਅਤੇ ਉਸਨੂੰ ਰੂਪ ਤੇ ਆਕਾਰ ਪ੍ਰਦਾਨ ਕਰਦੇ ਹਨ। ਇਕ ਨਵੇਂ ਅਨੁਸ਼ਾਸਨ ਵਜੋਂ
ਬਿਰਤਾਂਤ-ਸ਼ਾਸਤਰ ਦਾ ਸੰਕਲਪ ਪਹਿਲੀ ਵਾਰ ਪ੍ਰਸਿੱਧ ਸੰਰਚਨਾਵਾਦੀ ਚਿੰਤਕ ਤੋਦੋਰਪਵ ਨੇ ਆਪਣੀ 1969 ਈ. ਵਿਚ
ਪ੍ਰਕਾਸ਼ਿਤ ਪੁਸਤਕ ‘ਘਰੳਮਮੳਰਿੲ ਦੁ ਧੲਚੳਮੲਰੋਨ’ ਵਿਚ ਪੇਸ਼ ਕੀਤਾ। ਇਸ ਪੁਸਤਕ ਵਿਚ ਉਸਨੇ ਇਟਲੀ ਦੇ
ਪ੍ਰਸਿੱਧ ਲੇਖਕ ਬੋਕਾਸ਼ਿਉ ਦੀਆਂ ਕਹਾਣੀਆਂ ਨੂੰ ਭਾਸ਼ਾਈ ਵਿਆਕਰਣ ਦੇ ਮਾੱਡਲ ਅਨੁਸਾਰ ਵਾਚਦਿਆਂ ਇਨ੍ਹਾਂ ਦੇ
ਸੰਗਠਨਕਾਰੀ ਨੇਮਾਂ ਦੀ ਤਲਾਸ਼ ਕਰਨ ਦਾ ਜਤਨ ਕੀਤਾ। ਤੋਦੋਰੋਵ ਨੇ ਇਸ ਅਧਿਐਨ ਵਿਧੀ ਨੂੰ ਨੳਰਰੳਟੋਲੋਗਇ
(ਬਿਰਤਾਂਤ-ਵਿਗਿਆਨ) ਦਾ ਨਾਮ ਦਿੱਤਾ। ਇਸ ਤਰ੍ਹਾਂ ਬਿਰਤਾਂਤ-ਸ਼ਾਸਤਰ / ਬਿਰਤਾਂਤ-ਵਿਗਿਆਨ ਦਾ ਮੁੱਢਲਾ ਸੰਕਲਪ
ਸਾਮ੍ਹਣੇ ਆਇਆ। ਉਦੋਂ ਤੋਂ ਲੈ ਕੇ ਹੁਣ ਤਕ ਬਿਰਤਾਂਤ-ਸ਼ਾਸਤਰ ਆਪਣੇ ਵਿਕਾਸ ਦੇ ਕਈ ਪੜਾਵਾਂ ਵਿਚੋਂ ਲੰਘਿਆ
ਹੈ। ਸਾਹਿਤ-ਚਿੰਤਨ ਅਤੇ ਸਮੀਖਿਆ ਦੇ ਬਦਲਦੇ ਪਰਿਪੇਖਾਂ ਅਨੁਸਾਰ ਇਸਦੇ ਸਰੋਕਾਰ ਅਤੇ ਸੰਦਰਭ ਵੀ ਬਦਲਦੇ ਰਹੇ
ਹਨ। ਹਥਲੇ ਪਰਚੇ ਵਿਚ ਅਸੀਂ ਬਿਰਤਾਂਤ-ਸ਼ਾਸਤਰ ਦੀ ਇਸ ਵਿਕਾਸ-ਯਾਤਰਾ, ਇਸਦੇ ਬਦਲਦੇ ਸਰੋਕਾਰਾਂ ਅਤੇ
ਸੰਦਰਭਾਂ ਦੀ ਨਿਸ਼ਾਨਦੇਹੀ ਕਰਨ ਦਾ ਜਤਨ ਕੀਤਾ ਹੈ।
Birtant Shastar Badalde Srokar Te Sandarbh
ਸੋਸਿਊਰ ਦਾ ਭਾਸ਼ਾ ਦਰਸ਼ਨ ਤੇ ਸਮਕਾਲੀ ਵਿਸ਼ਵ-ਆਲੋਚਨਾ
ਸੰਰਚਨਾਵਾਦ, ਉੱਤਰ-ਸੰਰਚਨਾਵਾਦ, ਅਤੇ ਉੱਤਰ-ਮਾਰਕਸਵਾਦ ਅਜੋਕੇ ਦੌਰ ਵਿਚ ਵਿਕਸਿਤ ਹੋਈਆਂ
ਮਹੱਤਵਯੋਗ ਬੌਧਿਕ ਲਹਿਰਾਂ ਹਨ। ਵਿਸ਼ਵ-ਵਿਆਪੀ ਮਹੱਤਵ ਰੱਖਣ ਵਾਲੀਆਂ ਇਨ੍ਹਾਂ ਬੌਧਿਕ ਲਹਿਰਾਂ ਨੇ ਮਨੁੱਖੀ
ਗਿਆਨ ਅਤੇ ਅਨੁਭਵ ਦੇ ਖੇਤਰ ਵਿਚ ਪ੍ਰਚੱਲਤ ਅਨੇਕਾਂ ਧਾਰਣਾਵਾਂ ਬਾਰੇ ਪੁਨਰ-ਵਿਚਾਰ ਨੂੰ ਉਤਸਾਹਿਤ ਕਰਦਿਆਂ
ਚਿੰਤਨ ਅਤੇ ਚੇਤਨਾ ਦੇ ਨਵੇਂ ਸੰਗਠਨ ਉਸਾਰਨ ਦਾ ਉਪਰਾਲਾ ਕੀਤਾ ਹੈ। ਸੱਚ ਤਾਂ ਇਹ ਹੈ ਕਿ ਵਿਸ਼ਵ-ਚਿੰਤਨ ਵਿਚ
ਗਿਆਨ-ਸ਼ਾਸਤਰ ਦਾ ਜੋ ਨਵਾਂ ਸੰਕਲਪ ਉੱਭਰ ਕੇ ਸਾਮ੍ਹਣੇ ਆਇਆ ਹੈ ਉਸਨੂੰ ਉਸਾਰਨ ਵਿਚ ਇਨ੍ਹਾਂ ਚਿੰਤਨਧਾਰਾਵਾਂ ਨੇ
ਪ੍ਰਤੱਖ ਜਾਂ ਪਰੋਖ ਰੂਪ ਬਹੁਤ ਮਹੱਤਵਪੂਰਣ ਯੋਗਦਾਨ ਦਿੱਤਾ ਹੈ। ਇਸ ਨਵੇਂ ਉਸਰ ਰਹੇ ਗਿਆਨਸ਼ਾਸਤਰ ਨੇ ਮਨੁੱਖ ਦੇ
ਯਥਾਰਥ-ਬੋਧ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਸਗੋਂ ਸਾਮਾਜਿਕ ਵਰਤਾਰੇ ਅਤੇ ਵਿਹਾਰ ਬਾਰੇ ਵੀ ਨਵੀਂ ਸੂਝ ਅਤੇ ਸਮਝ
ਵਿਕਸਿਤ ਕਰਨ ਦਾ ਉਪਰਾਲਾ ਕੀਤਾ ਹੈ। ਸੱਚ ਤਾਂ ਇਹ ਹੈ ਕਿ ਇਨ੍ਹਾਂ ਬੌਧਿਕ ਲਹਿਰਾਂ ਨੇ ਸਮੂਹ ਮਾਨਵ-ਸਿਰਜਿਤ
ਸੰਸਥਾਵਾਂ ਬਾਰੇ ਸਿੱਧਾਤੀਕਰਣ ਦੀ ਨਵੀਂ ਪ੍ਰਕਿਰਿਆ ਨੂੰ ਹੀ ਉਤਸਾਹਿਤ ਨਹੀਂ ਕੀਤਾ ਸਗੋਂ ਸਾਹਿੱਤ ਅਤੇ ਸਭਿਆਚਾਰ
ਦੇ ਅਧਿਐਨ ਤੇ ਵਿਸ਼ਲੇਸ਼ਣ ਲਈ ਵੀ ਨਵੀਨ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕੀਤੀਆਂ ਹਨ।
ਵੀਹਵੀਂ ਸਦੀ ਦੇ ਪਹਿਲੇ ਅੱਧ ਤਕ ਮਨੁੱਖੀ ਹੋਂਦ ਬਾਰੇ ਕਈ ਸੰਰਚਨਾਤਮਕ ਸਿੱਧਾਂਤ ਪ੍ਰਚੱਲਤ ਹੋ ਚੁੱਕੇ ਸਨ।
ਮਿਸਾਲ ਵਜੋਂ ਸਵਿਸ ਭਾਸ਼ਾਵਿਗਿਆਨੀ ਸੋਸਿਊਰ ਦਾ ਭਾਸ਼ਾ-ਚਿੰਤਨ, ਕਾਰਲ ਮਾਰਕਸ ਦਾ ਸਾਮਾਜਿਕ-ਆਰਥਿਕ
ਵਿਸ਼ਲੇਸ਼ਣ ਅਤੇ ਫ੍ਰਾਇਡ ਦਾ ਮਨੋਵਿਸ਼ਲੇਸ਼ਣ ਕਿਸੇ ਨਾ ਕਿਸੇ ਰੂਪ ਵਿਚ ਸੰਰਚਨਾ ਦੇ ਸੰਕਲਪ ਨੂੰ ਹੀ ਸਾਮ੍ਹਣੇ ਰੱਖਦਾ ਹੈ।
ਇਸ ਲਈ ਸੱਭ ਤੋਂ ਪਹਿਲਾਂ ਸੰਰਚਨਾਵਾਦ ਦੀ ਗੱਲ ਕੀਤੀ ਜਾ ਸਕਦੀ ਹੈ। ਸੰਰਚਨਾਵਾਦ ਮੂਲ ਰੂਪ ਵਿਚ ਸਵਿਸ
ਭਾਸ਼ਾਵਿਗਿਆਨੀ ਸੋਸਿਊਰ ਦੇ ਭਾਸ਼ਾ-ਦਰਸ਼ਨ ਤੋਂ ਪ੍ਰਭਾਵਿਤ ਅਤੇ ਪ੍ਰੇਰਿਤ ਚਿੰਤਨ-ਵਿਧੀ ਹੈ। ਅਸਲ ਵਿਚ ਸੋਸਿਊਰ
ਵੀਹਵੀਂ ਸਦੀ ਦੇ ਉਨ੍ਹਾਂ ਕ੍ਰਾਂਤੀਕਾਰੀ ਚਿੰਤਕਾਂ ਵਿਚੋਂ ਹੈ ਜਿਨ੍ਹਾਂ ਨੇ ਗਿਆਸ਼ਾਸਤਰ ਦੇ ਵਿਸ਼ਵ-ਵਿਆਪੀ ਸਮਕਾਲੀ ਦ੍ਰਿਸ਼ ਨੂੰ
ਉਸਾਰਨ ਵਿਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਸੋਸਿਊਰ ਅਨੁਸਾਰ ਭਾਸ਼ਾ ਦਾ ਅਰਥ ਵਿਕੋਲਿਤਰੇ ਸ਼ਬਦਾਂ ਵਿਚ ਨਹੀਂ ਸਗੋਂ
ਉਸਦੀ ਸਮੁੱਚੀ ਸੰਰਚਨਾ ਵਿਚ ਪਿਆ ਹੁੰਦਾ ਹੈ। ਉਸਨੇ ਭਾਸ਼ਾ ਦੇ ਤੁਲਨਾਤਮਕ / ਇਤਿਹਾਸਕ ਅਧਿਐਨ ਦੀ ਪ੍ਰਚੱਲਤ
ਪਰੰਪਰਾ ਨੂੰ ਛੱਡ ਕੇ ਉਸਦੇ ਵਿਗਿਆਨਕ ਅਧਿਐਨ ਦੀ ਰੀਤ ਤੋਰੀ। ਸੋਸਿਊਰ ਦੇ ਭਾਸ਼ਾ-ਚਿੰਤਨ ਦਾ ਆਧਾਰ ‘ਚਿਹਨ’
ਅਤੇ ‘ਸੰਰਚਨਾ’ ਦੇ ਸੰਕਲਪਾਂ ਉੱਪਰ ਟਿਕਿਆ ਹੋਇਆ ਹੈ। ਉਸਦੇ ਮਤ ਅਨੁਸਾਰ ਭਾਸ਼ਾ ਚਿਹਨਾਂ ਦਾ ਸੰਗਠਿਤ ਪ੍ਰਬੰਧ
ਹੈ ਜਿਸਦਾ ਵਿਗਿਆਨਕ ਅਧਿਐਨ ਉਸਦੀ ਅੰਦਰਲੀ ਸੰਰਚਨਾ (structure) ਅਤੇ ਉਸ ਵਿਚਲੇ ਸੰਗਠਨਕਾਰੀ ਨੇਮਪ੍ਰਬੰਧਾਂ
ਨੂੰ ਮੁੱਖ ਰੱਖ ਕੇ ਹੀ ਕੀਤਾ ਜਾ ਸਕਦਾ ਹੈ। ਉਸਨੇ ਚਿਹਨ ਨੂੰ ਭਾਸ਼ਾਈ ਪ੍ਰਬੰਧ ਦੀ ਮੂਲ ਇਕਾਈ ਮੰਨਦਿਆਂ
ਉਸਦੀ ਦੁਪੱਖੀ ਰੂਪਰਚਨਾ (ਧੁਨੀ ਬਿੰਬ = signifire + ਸੰਕਲਪ = signified) ਵਲ ਸੰਕੇਤ ਕੀਤਾ ਜੋ ਇਸ ਖੇਤਰ
ਦੀ ਮਹੱਤਵਪੂਰਣ ਉਪਲੱਬਧੀ ਮੰਨੀ ਜਾ ਸਕਦੀ ਹੈ। ਸੋਸਿਊਰ ਨੇ ਭਾਸ਼ਾਈ ਸੰਰਚਨਾ ਨੂੰ ਚਿਹਨ (sign) ਅਤੇ ਕੋਡ
(code) ਦੇ ਹਵਾਲੇ ਨਾਲ ਸਮਝਾਉਣ ਦੀ ਚੇਸ਼ਟਾ ਕੀਤੀ। ਉਸਦੇ ਮਤ-ਅਨੁਸਾਰ ਭਾਸ਼ਾ ਦਾ ਵਿਗਿਆਨ ਉਸਾਰਨ ਲਈ
ਭਾਸ਼ਾ ਦੀ ਵਿਹਾਰਕ ਵਰਤੋਂ (ਉਚਾਰ = parole) ਨਾਲੋਂ ਉਸਦੇ ਇਕਾਲਕ ਪ੍ਰਬੰਧ (langue) ਉੱਤੇ ਧਿਆਨ ਕੇਂਦ੍ਰਿਤ
ਕਰਨਾ ਵਧੇਰੇ ਜ਼ਰੂਰੀ ਹੈ।
ਸੋਸਿਊਰ ਦੇ ਇਸ ਸੰਰਚਨਾਤਮਕ ਭਾਸ਼ਾਵਿਗਿਆਨ ਨੇ ਵਸਤੂਮੂਲਕ / ਵਿਗਿਆਨਕ ਅਧਿਐਨ ਦੇ ਹਵਾਲੇ ਨਾਲ
ਜੋ ਅੰਤਰ-ਦ੍ਰਿਸ਼ਟੀ ਪ੍ਰਦਾਨ ਕੀਤੀ ਉਸ ਵਿਚ ਸਮਾਜ-ਸੱਭਿਆਚਾਰ ਦੇ ਵਿਭਿੰਨ ਵਰਤਾਰਿਆਂ ਅਤੇ ਵਿਹਾਰਾਂ ਦਾ ਇਸੇ
ਕਿਸਮ ਦਾ ਵਿਗਿਆਨ ਉਸਾਰਨ ਦੀ ਸੰਭਾਵਨਾ ਮੌਜੂਦ ਸੀ। ਇਸੇ ਹੀ ਚੇਤਨਾ ਅਧੀਨ ਖ਼ੁਦ ਸੋਸਿਊਰ ਨੇ
ਚਿਹਨਵਿਗਿਆਨ (semiology) ਦੇ ਰੂਪ ਵਿਚ ਇਕ ਅਜਿਹੇ ਸੰਭਾਵੀ ਗਿਆਨ-ਅਨੁਸ਼ਾਸਨ ਦੀ ਸੰਕਲਪਨਾ ਵੀ ਪੇਸ਼
ਕੀਤੀ ਜੋ ਹਰ ਕਿਸਮ ਦੇ ਚਿਹਨਕੀ ਵਿਹਾਰ ਦਾ ਵਿਗਿਆਨਕ ਅਧਿਐਨ ਕਰਨ ਦੇ ਸਮਰੱਥ ਹੋਵੇਗਾ। ਅਜੋਕੇ ਸਮੇਂ
ਚਿਹਨਵਿਗਿਆਨ ਦੀ ਇਹ ਸੰਭਾਵਨਾ ਨਿਰੀ ਸਾਕਾਰ ਹੀ ਨਹੀਂ ਹੋਈ ਸਗੋਂ ਭਰਵੇਂ ਰੂਪ ਵਿਚ ਵਿਕਸਿਤ ਹੋਕੇ ਸਾਮ੍ਹਣੇ
ਆਈ ਹੈ। ਇਸ ਨਵੇਂ ਗਿਆਨ-ਅਨੁਸ਼ਾਸਨ ਨੇ ਸਮੁੱਚੇ ਮਨੁੱਖੀ ਵਰਤਾਰੇ ਅਤੇ ਵਿਹਾਰ ਨੂੰ ਭਾਸ਼ਾਈ ਵਿਹਾਰ ਦੇ ਮਾਡਲ
ਉੱਤੇ – ਅਰਥਾਤ ਸੰਦੇਸ਼ ਅਤੇ ਸੰਚਾਰ ਦੀ ਪ੍ਰਕਿਰਿਆ ਵਜੋਂ – ਵਾਚਣ ਦੀ ਚੇਤਨਾ ਜਗਾਈ ਹੈ। ਮਹੱਤਵਪੂਰਣ ਗੱਲ
ਇਹ ਸੀ ਕਿ ਇਸ ਚਿੰਤਨ-ਵਿਧੀ ਨੇ ਆਪਣੀ ਅਧਿਐਨ-ਵਸਤੂ ਦਾ ਵਸਤੂ-ਮੂਲਕ ਅਤੇ ਵਿਗਿਆਨਕ ਅਧਿਐਨ ਕਰਨ
ਦੀ ਧਾਰਣਾ ਸਥਾਪਿਤ ਕੀਤੀ ਜੋ ਪੱਛਮ ਦੇ ਆਕਾਦਮਿਕ ਹਲਕਿਆਂ ਵਿਚ ਬਹੁਤ ਮਕਬੂਲ ਹੋਈ। ਇਸ ਤਰ੍ਹਾਂ ਵਿਸ਼ਵਚਿੰਤਨ
ਵਿਚ ਸੰਰਚਨਾਵਾਦ ਦਾ ਉਦੈ ਹੋਇਆ।
Saussure da Bhasha Darshan te Samkali Vishav Alochna
ਪੰਜਾਬ ਵਿਚ 1947 ਉਪਰੰਤ ਹੋਂਦ ਵਿਚ ਆਏ ਸਮਾਜਿਕ ਸਮੂਹ ਅਤੇ ਉਨ੍ਹਾਂ ਦੀ ਪੇਸ਼ਕਾਰੀ
ਸੰਸਾਰ ਵਿਚ ਸਬਾਲਟਰਨ ਸਮੂਹਾਂ ਦੀ ਨਿਸ਼ਾਨਦੇਹੀ ਅਤੇ ਉਨ੍ਹਾਂ ਦੇ ਅਧਿਐਨ ਦੀ ਪਰੰਪਰਾ ਵਿਚ ਅਜਿਹੇ ਸਮੂਹਾਂ ਨੂੰ ਸਬਾਲਟਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਗਿਆ ਜਿਹੜੇ ਇਤਿਹਾਸਕਾਰੀ ਵਿਚੋਂ ਗ਼ੈਰਹਾਜ਼ਰ ਜਾਂ ਹਾਸ਼ੀਆਗਤ ਹੋਂਦ ਰੱਖਦੇ ਹਨ, ਖ਼ਾਮੋਸ਼ ਕਰ ਦਿੱਤੇ ਗਏ ਹਨ, ਜਿਨ੍ਹਾਂ ਕੋਲ ਆਪਣੇ ਅਨੁਭਵ, ਕਾਰਜ, ਸੋਚ, ਦ੍ਰਿਸ਼ਟੀ ਅਤੇ ਹੁੰਗਾਰੇ ਨੂੰ ਪ੍ਰਗਟ ਕਰਨ ਲਈ ਉਹ ਸੰਦ ਸਾਧਨ (apparatus) ਨਹੀਂ ਜਿਸ ਨਾਲ ਉਹ ਆਪਣੀ ਹੋਂਦ ਰਜਿਸਟਰ ਕਰਵਾ ਸਕਣ। ਅਜਿਹੇ ਸਮੂਹ ਜਿਹੜੇ ਸਮਾਜਿਕ, ਰਾਜਨੀਤਕ ਜਾਂ ਭੂਗੋਲਿਕ ਤੌਰ ਤੇ ਹੈਜਮੌਨਿਕ ਸ਼ਕਤੀ ਸੰਰਚਨਾ ਵਿਚੋਂ ਬਾਹਰ ਧੱਕ ਦਿੱਤੇ ਗਏ ਹਨ।ਏਸ਼ੀਆ ਦੀ ਇਤਿਹਾਸਕਾਰੀ ਦੇ ਹਵਾਲੇ ਨਾਲ ਉਨ੍ਹਾਂ ਲੋਕਾਂ ਨੂੰ ਸਬਾਲਟਰਨ ਕਿਹਾ ਗਿਆ ਜਿਨ੍ਹਾਂ ਨੂੰ ਬਸਤੀਵਾਦ ਅਤੇ ਉਨ੍ਹਾਂ ਦੇ ਵਿਰੋਧ ਵਿਚ ਖੜ੍ਹੇ ਹੋਏ ਰਾਸ਼ਟਰਵਾਦੀ ਅੰਦੋਲਨਾਂ ਅਤੇ ਉਨ੍ਹਾਂ ਦੇ ਪ੍ਰਵਚਨਾਂ ਵਿਚ ਦੁਜੈਲਾ ਸਥਾਨ ਦਿੱਤਾ ਗਿਆ। ਇੰਝ ਰਾਸ਼ਟਰਵਾਦੀ ਅੰਦੋਲਨਾਂ ਦੇ ਇਲੀਟਿਸਟ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤਕ ਗਤੀਵਿਧੀ ਵਿਚ ਦੂਜੈਲਾ, ਘਟੀਆ, ਨਿਗੂਣਾਂ ਅਤੇ ਕਈ ਵਾਰ ਨਿੰਦਣਯੋਗ ਕਾਰਜ ਕਰਨ ਵਾਲੇ ਸਮੂਹਾਂ ਨੂੰ ਸਬਾਲਟਰਨ ਕਿਹਾ ਗਿਆ। ਇਹ ਉਹ ਲੋਕ ਸਨ ਜਿਹੜੇ ਬਸਤੀਵਾਦੀ ਆਧੁਨਿਕਤਾ ਦੇ ਪੱਛਮਵਾਦੀ ਸੰਕਲਪ ਅਨੁਸਾਰ ਧਰਮਨਿਰਪੇਖ, ਤਰਕਸ਼ੀਲ, ਲੋਕਤੰਤਰੀ ਦ੍ਰਿਸ਼ਟੀਕੋਣ ਅਤੇ ਕਾਰਜਵਿਧੀ ਦੇ ਅਨੁਸਾਰੀ ਨਹੀਂ ਸਨ। ਬਸਤੀਵਾਦੀ ਆਧੁਨਿਕਤਾ ਦੁਆਰਾ ਪ੍ਰੇਰਕ ਰਾਜਨੀਤਕ ਗਤੀਵਿਧੀ ਦੇ ਧਰਮਨਿਰਪੇਖ ਸਰੂਪ ਕਾਰਣ ਇਨ੍ਹਾਂ ਲੋਕਾਂ ਨੂੰ ਮਹੱਤਵ ਨਹੀਂ ਦਿੱਤਾ ਗਿਆ। ਇਨ੍ਹਾਂ ਵਿਚ ਮੁੱਖ ਤੌਰ ਤੇ ਭਾਰਤ ਦੇ ਵਿਭਿੰਨ ਖੇਤਰਾਂ ਦੀ ਕਿਸਾਨੀ ਆਉਂਦੀ ਹੈ ਜਿਹੜੀ ਆਪਣੀ ਇਤਿਹਾਸਕ ਪਿੱਠਭੂਮੀ ਅਤੇ ਸਭਿਆਚਾਰਕ ਅਵਚੇਤਨ ਦੇ ਵਿਸ਼ੇਸ਼ ਸਰੂਪ ਕਾਰਣ ਆਪਣੇ ਆਪ ਨੂੰ ਧਾਰਮਿਕਤਾ (ਸ਼ਾਇਦ ਸੰਪਰਦਾਇਕਤਾ) ਅਤੇ ਹਿੰਸਾਤਮਕਤਾ ਤੋਂ ਵੱਖ ਨਹੀਂ ਕਰ ਸਕੀ। ਦਿਪੇਸ਼ ਚੱਕਰਬਰਤੀ ਨੇ ਆਧੁਨਿਕ ਭਾਰਤ ਦੇ ਮੁਕਤੀਵਾਦੀ ਅੰਦੋਲਨਾਂ ਵਿਚ ਅਤਿ ਦੇ ਤਰਕਵਾਦ ਅਤੇ ਧਰਮ ਅਤੇ ਧਾਰਮਿਕਤਾ ਦੇ ਗਲਤ ਅਨੁਵਾਦ ਕਾਰਣ ਪੈਦਾ ਹੋਏ ਦੁਫੇੜ ਵਲ ਧਿਆਨ ਦਵਾਇਆ ਹੈ ਜਿਸ ਕਾਰਣ ‘ਸ਼ਰਧਾ ਅਤੇ ਧਰਮ’ ਨਾਲ ਜੁੜੇ ਇਨ੍ਹਾਂ ਜਨ ਸਮੂਹਾਂ ਨੂੰ ‘ਵਿਗਿਆਨ ਅਤੇ ਤਰਕ’ ਨਾਲ ਪ੍ਰਤਿਬੱਧ ਬੁਧੀਜੀਵੀਆਂ ਨੇ ਦੁਰਕਾਰ ਦਿੱਤਾ । ਇੰਝ ਰਾਸ਼ਟਰਵਾਦੀ ਅੰਦੋਲਨ ਦੇ ਅਤਿ ਤਰਕਵਾਦ ਕਾਰਣ ਰੱਦ ਦਿੱਤੇ ਗਏ ਹੁੰਗਾਰਿਆਂ, ਕਾਰਜਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਧਾਰਣ ਕਰਨ ਵਾਲੇ ਲੋਕ ਸਮੂਹਾਂ ਨੂੰ ਸਬਾਲਟਰਨ ਕਿਹਾ ਗਿਆ ਹੈ। ਇਸ ਲਈ ਬਸਤੀਵਾਦ ਅਤੇ ਰਾਸ਼ਟਰਵਾਦੀ ਅੰਦੋਲਨ ਵਿਚ ਗੈਰ-ਪ੍ਰਸੰਗਿਕ ਲੋਕ ਸਮੂਹ ਸਬਾਲਟਰਨ ਦਾ ਦਰਜਾ ਰੱਖਦੇ ਹਨ।
ਸਬਾਲਟਰਨ ਨੂੰ ਪਭਿਾਸ਼ਿਤ ਕਰਦਿਆਂ ਇਸ ਦਾ ਦਾਇਰਾ ਵਿਸ਼ਾਲ ਹੁੰਦਾ ਜਾਂਦਾ ਹੈ ਅਤੇ ਹਰ ਵਿਅਕਤੀ ਜਾਂ ਸਮੂਹ ਕਿਸੇ ਨਾ ਕਿਸੇ ਤਰ੍ਹਾਂ ਵੱਖੋ ਵੱਖ ਪ੍ਰਸੰਗਾਂ ਵਿਚ ਆਪਣੀ ਵਿਸ਼ੇਸ਼ ਸਥਿਤੀ ਕਾਰਣ ਸਬਾਲਟਰਨ ਦੇ ਦਾਇਰੇ ਵਿਚ ਸ਼ਾਮਿਲ ਹੋ ਸਕਦਾ ਹੈ। ਇਸ ਤਰ੍ਹਾਂ ਦੀ ਵਿਆਪਕ ਪਰਿਭਾਸ਼ਾ ਕਾਰਣ ਤਾਂ ਫਿਰ ਹਰ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਸਬਾਲਟਰਨ ਦੇ ਤੌਰ ਤੇ ਪਰਿਭਾਸ਼ਿਤ ਹੋ ਸਕੇਗਾ।ਮੇਰੀ ਸਮਝ ਅਨੁਸਾਰ ਜੇ ਸਾਰੇ ਸਬਾਲਟਰਨ ਹਨ ਤਾਂ ਫਿਰ ਕੋਈ ਵੀ ਸਬਾਲਟਰਨ ਨਹੀਂ ਹੈ। ਇਸ ਨੁਕਤੇ ਤੋਂ ਸਬਾਲਟਰਨ ਦੇ ਪਰਿਭਾਸ਼ਿਕ ਦਾਇਰੇ ਵਿਚ ਉਨ੍ਹਾਂ ਸਮੂਹਾਂ ਨੂੰ ਹੀ ਸ਼ਾਮਿਲ ਕਰਨਾਂ ਲੋੜੀਂਦਾ ਹੈ ਜਿਹੜੇ ਸਾਪੇਖਕ ਤੌਰ ਤੇ ਹੀ ਸਹੀ ਇਕ ਲੰਮੇ ਸਮੇਂ ਲਈ ਹਾਸ਼ੀਆਗਤ ਹੋਣੀ ਹੰਢਾਉਂਦੇ ਹਨ।
ਇੱਥੇ ਇਹ ਸਵਾਲ ਵੀ ਉਠਾਉਣਾਂ ਜ਼ਰੂਰੀ ਹੈ ਕਿ ‘ਖ਼ਾਮੋਸ਼’ ਕਰ ਦਿੱਤੇ ਗਏ ਸਮੂਹਾਂ ਦੀ ਖ਼ਾਮੋਸ਼ੀ ਕਦੋਂ ਉਨ੍ਹਾਂ ਨੂੰ ਸਬਾਲਟਰਨ ਦੇ ਦਾਇਰੇ ਵਿਚ ਲੈ ਆਉਂਦੀ ਹੈ। ਇਸ ਬਾਰੇ ਮੇਰੀ ਸਮਝ ਹੈ ਕਿ ‘ਬੋਲਣ ਦਾ ਅਧਿਕਾਰ ਰੱਖਣ’ ਵਾਲੇ ਕੇਂਦਰੀ ਪ੍ਰਭੁਤਵ ਵਾਲੇ ਲੋਕ ਸਮੂਹਾਂ ਜਾਂ ਧਿਰਾਂ ਨਾਲ ਸੰਪਰਕ ਵਿਚ ਆਉਣ ਤੋਂ ਪਹਿਲਾਂ ਜਾਂ ਇਸ ਸੰਪਰਕ ਤੋਂ ਟੁੱਟੇ ਹੋਏ ਸਮੂਹ ਸਬਾਲਟਰਨ ਦੇ ਪਰਿਭਾਸ਼ਿਕ ਦਾਇਰੇ ਵਿਚ ਨਹੀਂ ਆਉਂਦੇ। ਇਸ ਲਈ ਇਨ੍ਹਾਂ ਸਮੂਹਾਂ ਨਾਲ ‘ਸੰਪਰਕ’ (cotact) ਸਬਾਲਟਰਨ ਹੋਂਦ ਦੇ ਤੌਰ ਤੇ ਪਰਿਭਾਸ਼ਿਤ ਹੋਣ ਲਈ ਇਕ ਲਾਜ਼ਮੀ ਸ਼ਰਤ ਹੈ। ਇਹ ਸੰਪਰਕ ਹੀ ਹੈ ਜਿਸ ਕਾਰਣ ਹਾਸ਼ੀਅਗਤ ਸਮੂਹ ਕੇਂਦਰੀ ਹੈਜਮੌਨਿਕ ਸੱਤਾ ਲਈ ਪ੍ਰਸੰਗਿਕ ਬਣ ਜਾਂਦੇ ਹਨ। ਇਸ ਸੰਪਰਕ ਨੂੰ ਸਥਾਪਿਤ ਕਰਨ ਵਿਚ ਅਸਮਰੱਥ ਜਾਂ ਅਨਿਇੱਛਤ ਲੋਕ ਸਮੂਹ ਸਬਾਲਟਰਨ ਦੇ ਦਾਇਰੇ ਵਿਚ ਨਹੀਂ ਆਉਂਦੇ ਜਾਂ ਉਨ੍ਹਾਂ ਨੂੰ ਇਸ ਰੂਪ ਵਿਚ ਪਛਾਣਨ ਦੀ ਜ਼ਰੂਰਤ ਨਹੀਂ ਹੁੰਦੀ। ਇਸੇ ਤਰ੍ਹਾਂ ਜਿਨ੍ਹਾਂ ਲੋਕ ਸਮੂਹਾਂ ਨੂੰ ਕੇਂਦਰੀ ਹੈਜਮੌਨਿਕ ਸੱਤਾ ਆਪਣੇ ਸੰਪਰਕ ਵਿਚ ਲਿਆਉਣਾਂ ਹੀ ਨਹੀਂ ਚਾਹੁੰਦੀ ਉਹ ਵੀ ‘ਸਬਾਲਟਰਨ ਦਾ ਰੁਤਬਾ’ ਹਾਸਿਲ ਨਹੀਂ ਕਰ ਸਕਦੇ। ਭਾਰਤ ਵਿਚਲੇ ਬਹੁਤ ਸਾਰੇ ਉਹ ਕਬੀਲੇ ਜਿਨ੍ਹਾਂ ਦਾ ਸਭਿਆਚਾਰੀਕਰਨ ਅਤੇ ਆਧੁਨਿਕੀਕਰਨ ਕੀਤਾ ਜਾਂ ਰਿਹਾ ਹੈ ਸਬਾਲਟਰਨ ਹਨ ਜਿਨ੍ਹਾਂ ਦੇ ਮੂਲ ਵਾਸ ਵਿਚ ਭਾਰਤੀ ਹਾਕਮ ਜਮਾਤ ਦਖ਼ਲ ਅੰਦਾਜ਼ੀ ਕਰਨਾ ਚਾਹੁੰਦੀ ਹੈ। ਇਨ੍ਹਾਂ ਲੋਕਾਂ ਦੇ ਰਹਿਣ ਸਥਾਨ ਕੀਮਤੀ ਖਣਿਜਾਂ ਜਾਂ ਧਾਤਾਂ ਨਾਲ ਭਰਪੂਰ ਹਨ ਇਸ ਲਈ ਭਾਰਤੀ ਸੱਤਾ ਇਨ੍ਹਾਂ ਨਾਲ ਸੰਪਰਕ ਕਰਨ ਲਈ ਇੱਛੁਕ ਹੈ। ਉਹ ਇਨ੍ਹਾਂ ਨੂੰ ਭਾਰਤੀ ਸਭਿਆਚਾਰ, ਜੀਵਨ ਜਾਚ, ਆਰਥਿਕ, ਰਾਜਸੀ ਪ੍ਰਕਿਰਿਆਵਾਂ ਦੀ ਮੁੱਖਧਾਰਾ ਵਿਚ ਲਿਆਉਣਾਂ ਚਾਹੁੰਦੀ ਹੈ। ਇੰਝ ਇਹ ਲੋਕ ਸੱਤਾ ਦੀ ਚਾਹਤ ਅਨੁਸਾਰ ਕੇਂਦਰੀ ਸੱਤਾ ਦੇ ਸੰਪਰਕ ਵਿਚ ਆਉਣਗੇ ਅਤੇ ਆਪਣੀ ਬੋਲੀ, ਸਭਿਆਚਾਰ, ਦ੍ਰਿਸ਼ਟੀ ਕਾਰਣ ਕੇਂਦਰੀ ਸੱਤਾ ਦੇ ਮਿਆਰਾਂ ਅਨੁਸਾਰ ਨਿਗੂਣੇ ਬਣਨਗੇ, ਉਨ੍ਹਾਂ ਦੀ ਭਾਸ਼ਾ ਇਸ ਸੰਪਰਕ ਵਿਚ ਨਿਗੂਣੀ ਸਾਬਿਤ ਹੋਵੇਗੀ ਅਤੇ ਉਹ ਖ਼ਾਮੋਸ਼ ਧਿਰ ਦੇ ਤੌਰ ਤੇ ਪਛਾਣੇ ਜਾਣਗੇ ਅਤੇ ਸਬਾਲਟਰਨ ਬਣ ਜਾਣਗੇ। ਇੰਝ ਸੰਪਰਕ ਸਬਾਲਟਰਨ ਬਣਨ ਦੀ ਮੁੱਖ ਸ਼ਰਤ ਜਾਪਦੀ ਹੈ। ਇੰਝ ਸਬਾਲਟਰਨ ਨੂੰ ਰਿਕਵਰ ਵੀ ਕੀਤਾ ਜਾਂਦਾ ਹੈ ਜਿਵੇ ਰੋਜ਼ਾਲਿੰਡ ਓ ਹੈਨਲੌਨ ਨੇ ਕਿਹਾ ਹੈ। ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਡਿਸਕਵਰ ਵੀ ਕੀਤਾ ਜਾਂਦਾ ਹੈ।
Formation of New Subaltern Identities
Panjabi Alochana ਪੰਜਾਬੀ ਆਲੋਚਨਾ
New Delhi
India